ਕਿਰਸਾਨ ਹਿੱਤਾਂ ਵਾਸਤੇ ਇਕਬਾਲ ਸਿੰਘ ਭੱਟੀ ਵਲੋਂ ਭਾਰਤੀ ਸਫਾਰਤਖਾਨੇ ਰਾਹੀਂ ਮਿਲਿਆ ਭਾਰਤ ਸਰਕਾਰ ਦਾ ਐਵਾਰਡ ਵਾਪਸ ਕਰਨਾ ਬਹੁਤ ਵਧੀਆ ਫੈਂਸਲਾ-ਸਿੱਖ ਕਮਿਉਨਿਟੀ ਬੈਨੇਲੁਕਸ

ਡੈਨਹਾਗ / ਹਾਲੈਂਡ 06 ਦਸੰਬਰ (ਪੰਜਾਬ ਐਕਸਪ੍ਰੈਸ ਨਿਊਜ਼) ਸਿੱਖ ਕਮਿਉਨਿਟੀ ਬੈਨੇਲੁਕਸ ਹਾਲੈਂਡ ਦੇ ਹਰਜੀਤ ਸਿੰਘ ਗਿੱਲ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਫਰਾਂਸ ਨਿਵਾਸੀ ਇਕਬਾਲ ਸਿੰਘ ਭੱਟੀ ਨੂੰ ਜਿਹੜਾ ਅਵਾਰਡ ਲੰਘੇ 15 ਅਗਸਤ ਵਾਲੇ ਦਿਨ ਭਾਰਤੀ ਅੰਬੈਸੀ ਫਰਾਂਸ ਵਲੋ ( ਇਨਸਾਨੀਅਤ ਦਾ ਮਸੀਹਾ ) ਗੁਰਦਵਾਰਾ ਸੰਤ ਬਾਬਾ ਪ੍ਰੇਮ ਸਿੰਘ ਦੇ ਨਾਮ ਉੱਪਰ ਮਿਲਿਆ ਸੀ , ਉਸ ਅਵਾਰਡ ਨੂੰ ਹੁਣ ਕਿਸਾਨ ਹਿੱਤਾਂ ਵਾਸਤੇ ਵਾਪਸ ਕਰਨ ਦਾ ਜਿਹੜਾ ਫੈਸਲਾ ਇਕਬਾਲ ਸਿੰਘ ਭੱਟੀ ਨੇ ਕੀਤਾ ਹੈ , ਅਸੀਂ ਉਸਦੀ ਭਰਭੂਰ ਸ਼ਲਾਘਾ ਕਰਦੇ ਹਾਂ । ਸਾਡੇ ਹਿਸਾਬ ਨਾਲ , ਕਿਸਾਨ ਅੰਦੋਲਨ ਨੂੰ ਸਹਿਯੋਗ ਦੇਣ ਅਤੇ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਰੋਸ ਪ੍ਰਗਟ ਕਰਨ ਦਾ , ਯੋਰਪ ਭਰ 'ਚੋ ਇਹ ਪਹਿਲਾ ਵੱਡਾ ਐਲਾਨ ਹੈ । ਹਰਜੀਤ ਗਿੱਲ ਨੇ ਹੋਰ ਕਿਹਾ ਕਿ ,ਆਪਣੀ ਜਿੰਦਗੀ ਨੂੰ ਜੋਖਮ ਵਿੱਚ ਧਕੇਲ ਕੇ ਪ੍ਰਾਪਤ ਕੀਤਾ ਹੋਇਆ ਇਹ ਅਵਾਰਡ ਵਾਪਿਸ ਕਰਨ ਨਾਲ ਭਾਈ ਇਕਬਾਲ ਸਿੰਘ ਭੱਟੀ ਦੀ ਸ਼ਖਸੀਅਤ ਵਿੱਚ ਹੋਰ ਵੀ ਬੇਮਿਸਾਲ ਵਾਧਾ ਹੋਵੇਗਾ , ਜਿਸ ਉਤੇ ਸਾਨੂੰ ਮਾਣ ਵੀ ਹੈ।
ਯਾਦ ਰਹੇ ਕਿ ਇਕਬਾਲ ਸਿੰਘ ਭੱਟੀ ਨੇ ਆਪਣੇ ਸਾਥੀਆਂ ਸਾਹਿਤ ਭਾਰਤੀ ਅੰਬੈਸੀ ਦੀ ਮੱਦਦ ਨਾਲ ਫਰਾਂਸ ਵਿੱਚ ਕਿਸੇ ਵੀ ਤਰਾਂ ਮਰਨ ਵਾਲੇ ਪੰਜਾਬੀ ਨੌਜਵਾਨਾ ਦੀਆ 2003 ਤੋਂ ਲੈ ਕੇ ਹੁਣ ਤੱਕ (178) ਮਿਰਤਕ ਦੇਹਾਂ ਜਾਂ ਉਨ੍ਹਾਂ ਵਿੱਚੋਂ ਕਈਆਂ ਦਾ ਸਸਕਾਰ ਇੱਥੇ ਕਰਵਾਉਣ ਉਪਰੰਤ ਉਹਨਾਂ ਦੀਆਂ ਅਸਥੀਆਂ ਸਬੰਧਿਤ ਪਰਿਵਾਰਾ ਦੇ ਸਪੁਰਦ ਕੀਤੀਆ ਹੋਈਆਂ ਹਨ । ਜੇਕਰ ਦੇਖਿਆ ਜਾਵੇ ਤਾਂ ਇਨਸਾਨੀਅਤ ਦੀ ਇਹ ਬਹੁਤ ਵੱਡੀ ਸੇਵਾ ਹੈ , ਜਿਸਨੂੰ ਇਕਬਾਲ ਸਿੰਘ ਭੱਟੀ ਆਪਣੇ ਸਾਥੀਆਂ ਸਾਹਿਤ ਪੂਰੀ ਤਨਦੇਹੀ ਨਾਲ ਨਿਭਾਅ ਰਿਹਾ ਹੈ । ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਰਦਾਰ ਭੱਟੀ ਦੇ ਸਿਰ ਤੇ ਮਿਹਰ ਭਰਿਆ ਹੱਥ ਸਦਾ ਰੱਖੇ ਤਾਂ ਕਿ ਭਵਿੱਖ ਵਿੱਚ ਵੀ ਉਹ ਇਸੇ ਤਰਾਂ ਹੀ ਇਨਸਾਨੀਅਤ ਦੀ ਸੇਵਾ ਨਿਰੰਤਰ ਕਰਦਾ ਰਹੇ |