ਚੌਦਾਂ ਵਾਰੀ ਗੋਲਡ ਮੈਡਲਿਸਟ ਬਣ ਚੁੱਕੇ, ਲਹਿੰਬਰ ਹੁਸੈਨਪੁਰੀ ਨਾਲ, ਇਕਬਾਲ ਸਿੰਘ ਭੱਟੀ ਦੀ ਖਾਸ ਮੁਲਾਕਾਤ

ਹਾਂ ਜੀ ਲਹਿੰਬਰ ਭਾਅ ਜੀ, ਸਭ ਤੋਂ ਪਹਿਲਾਂ ਤੁਹਾਨੂੰ ਪਿਆਰ ਭਰੀ ਸ. ਸ.ਅਕਾਲ ਅਤੇ ਨਾਲ ਹੀ ਤੁਹਾਨੂੰ ਮੈਂ ਫਰਾਂਸ ਪਹੁੰਚਣ ਤੇ ਜੀ ਆਇਆਂ ਆਖਦਾ ਹੋਇਆ, ਉਮੀਦ ਕਰਦਾ ਹਾਂ ਕਿ ਤੁਸੀਂ, ਇਥੇ ਖੁਸ਼ੀ ਮਹਿਸੂਸ ਕਰਦੇ ਹੋਵੋਗੇ, ਪੈਰਿਸ ਵਰਗੇ, ਬਹੁਤ ਹੀ ਸੁੰਦਰ, ਇਤਰ ਭਰਭੂਰ, ਪਰੀਆਂ ਦੇ ਮੁਲਕ ਵਿੱਚ ਆ ਕੇ।
ਮੇਰੇ ਵੱਲੋਂ ਵੀ ਤੁਹਾਨੂੰ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ, ਬਾਕੀ ਵਾਕਿਆ ਹੀ ਭੱਟੀ ਸਾਹਿਬ, ਮੁਲਕ ਤਾਂ ਮੈਂ ਬਹੁਤ ਸਾਰੇ ਦੇਖ ਚੁੱਕਾ ਹਾਂ ਅਤੇ ਸਾਰੇ ਹੀ ਮੁਲਕਾਂ ਦੀ ਵੱਖੋ ਵੱਖਰੀ ਪਹਿਚਾਣ ਅਤੇ ਸੁਹੱਪਣ ਆਪੋ ਆਪਣੀ ਜਗਾਹ ਤੇ ਮਹਿਫੂਜ ਹਨ। ਦੂਸਰਾ ਰਹੀ ਗੱਲ ਪੈਰਿਸ ਫਰਾਂਸ ਦੇ ਸੋਹਣੇਪਣ ਦੀ, ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ, ਇਸ ਬਾਰੇ ਸਾਰੀ ਦੁਨੀਆ ਜਾਣਦੀ ਹੈ ਕਿ ਪੈਰਿਸ ਦੀ ਬਿਊਟੀ ਅਤੇ ਡਿਉਟੀ ਦਾ ਕੋਈ ਸਾਨੀ ਨਹੀਂ।
ਅੱਛਾ ਬਹੁਤ ਵਧੀਆ ਕਿਹਾ, ਤੁਸੀਂ ਲਹਿੰਬਰ ਭਾਅ ਜੀ, ਵਾਕਿਆ ਹੀ ਪੈਰਿਸ ਦੀ ਬਿਊਟੀ ਦੁਨੀਆਂ ਭਰ ਵਿੱਚ ਮਸ਼ਹੂਰ ਹੈ ਅਤੇ ਹਰ ਕੋਈ, ਪੈਰਿਸ ਦੀ ਸੈਰ ਕਰਨ ਵਾਸਤੇ ਲੋਚਦਾ ਹੈ।
ਜੀ ਬਿੱਲਕੁੱਲ ਠੀਕ, ਭੱਟੀ ਸਾਹਿਬ ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ, ਤੁਹਾਡਾ ਇਹ ਦੇਸ਼ ਦੇਖਣ ਦਾ ਦੂਜੀ ਵਾਰ ਮੌਕਾ ਮਿਲਿਆ ਹੈ ਅਤੇ ਦੋਵੇਂ ਵਾਰੀ ਹੀ ਮੈਂ ਇਥੋਂ ਬਹੁਤ ਸਾਰੀਆਂ ਅਭੁੱਲ ਯਾਦਾਂ ਲੈ ਕੇ ਮੁੜਿਆ ਹਾਂ, ਜਿਸਦੀ ਮੇਰੇ ਦਿਲ ਤੇ ਹਮੇਸ਼ਾਂ ਛਾਪ ਬਣੀ ਰਹਿੰਦੀ ਹੈ।
ਚਲੋ, ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਤੁਸੀਂ ਇਥੇ ਆਪਣੇ ਆਪ ਨੂੰ ਖੁਸ਼ ਗਵਾਰ ਸਮਝ ਰਹੇ ਹੋ, ਹੁਣ ਇਹ ਦੱਸੋ ਕਿ ਹੁਣ ਤੱਕ ਤੁਸੀਂ ਕਿੰਨੇ ਕੁ ਪੰਜਾਬੀ ਗੀਤ ਸਰੋਤਿਆਂ ਨੂੰ ਅਰਪਣ ਕਰ ਚੁੱਕੇ ਹੋ?
ਮੈਂ ਹੁਣ ਤੱਕ 350 ਤੋਂ ਵੱਧ ਗਾਣੇ ਗਾ ਚੁੱਕਾ ਹਾਂ ਅਤੇ ਮੇਰੇ ਸਾਰੇ ਹੀ ਗਾਣੇ ਮੇਰੇ ਸਰੋਤਿਆਂ ਨੇ ਪਸੰਦ ਕੀਤੇ ਹਨ, ਕਿਸੇ ਵੀ ਗਾਣੇ ਤੇ ਮੈਂਨੂੰ, ਰੀ ਐਕਸ਼ਨ ਜਾਂ ਉਲਾਮੇ ਵਰਗੀ, ਕਦੇ ਵੀ ਕੋਈ ਸ਼ਿਕਾਇਤ ਨਹੀਂ ਮਿਲੀ।
ਅੱਛਾ, ਲਹਿੰਬਰ ਸਾਹਿਬ, ਤੁਸੀਂ ਇਹ ਦੱਸੋ ਕਿ ਤੁਹਾਡਾ ਸਭ ਤੋਂ ਪਸੰਦੀਦਾ ਗਾਣਾ ਕਿਹੜਾ ਹੈ, ਜਿਸਦੀ ਬਦੌਲਤ ਤੁਹਾਡੀ ਪਹਿਚਾਣ ਗਾਇਕਾਂ ਦੀ ਦੁਨੀਆਂ ਵਿੱਚ, ਬਹੁਤ ਵੱਡੇ ਲੇਵਲ ਤੇ ਬਣ ਚੁੱਕੀ ਹੈ?
ਹਾਂ ਜੀ ਭੱਟੀ ਸਾਹਿਬ, ਸਵਾਲ ਤੁਹਾਡਾ ਬਹੁਤ ਵਧੀਆ ਹੈ, ਪਰ ਮੇਰੇ ਹਿਸਾਬ ਨਾਲ ਮੇਰੇ ਸਾਰੇ ਦੇ ਸਾਰੇ ਗਾਣੇ ਹੀ ਦਿੱਲ ਖਿੱਚਵੇਂ, ਪ੍ਰੇਰਨਾ ਸਰੋਤ ਅਤੇ ਸਭਿਆਚਾਰਕ ਗਾਣੇ ਹਨ, ਜਿਨਾਂ ਨੂੰ ਤੁਸੀਂ ਆਪਣੇ ਪ੍ਰੀਵਾਰ ਵਿੱਚ ਬੈਠ ਕੇ ਵੀ ਸੁਣ ਸਕਦੇ ਹੋ। ਪਰ ਫਿਰ ਵੀ ਅਗਰ ਤੁਸੀਂ ਪੁੱਛਦੇ ਹੀ ਹੋ ਤਾਂ ਮੇਰਾ ਸਭ ਤੋਂ ਪਹਿਲਾ ਗਾਣਾ, « ਮੈਨੂੰ ਦੱਸ ਜਾ ਮੇਲਣੇ, ਕਿਹੜੇ ਪਿੰਡ ਦੀ ਤੂੰ ਨੀ, ਮੈਨੂੰ ਦੱਸ ਜਾ ਮੇਲਣੇ »। ਦੂਸਰਾ ਗਾਣਾ, ਸਾਡੀ ਗਲੀ ਭੁੱਲ ਕੇ ਵੀ ਕਦੇ ਆਇਆ ਕਰੋ, ਇਨਾਂ ਦੋਹਾਂ ਗਾਣਿਆਂ ਉਪਰ ਸਰੋਤਿਆਂ ਨੇ ਮੈਨੂੰ ਇਤਨਾ ਮਿਲਵਰਤਨ ਅਤੇ ਪਿਆਰ ਦਿੱਤਾ ਕਿ ਮੈਂ ਲਫਜਾਂ ਵਿੱਚ ਬਿਆਨ ਨਹੀਂ ਕਰ ਸਕਦਾ।
ਹੁਣ ਤੁਸੀਂ ਇਹ ਦੱਸੋ ਲਹਿੰਬਰ ਸਾਹਿਬ, ਕਿ ਤੁਸੀਂ, ਫਰਾਂਸ ਤੋਂ ਬਿਨਾਂ ਹੋਰ ਕਿਤਨੇ ਕੁ ਮੁਲਕਾਂ ਦੀ ਸੈਰ ਕਰ ਚੁੱਕੇ ਹੋ, ਜਾਂ ਕਿਤਨੇ ਕੁ ਮੁਲਕਾਂ ਵਿੱਚ ਤੁਸੀਂ ਆਪਣੇ ਸਟੇਜ ਪ੍ਰੋਗਰਾਮ ਕਰ ਚੁੱਕੇ ਹੋ?
ਮੈਂ ਹੁਣ ਤੱਕ ਦੁਨੀਆ ਭਰ ਦੇ ਵੀਹ ਮੁਲਕਾਂ ਦੀ ਸੈਰ ਅਤੇ ਕਰੀਬਨ ਪੰਦਰਾਂ ਮੁਲਕਾਂ ਵਿੱਚ ਬਹੁਤ ਹੀ ਸਫਲ ਸਟੇਜ ਪ੍ਰੋਗਰਾਮ ਕਰ ਚੁੱਕਾ ਹਾਂ ਅਤੇ ਹਰੇਕ ਜਗਾਹ ਤੇ ਹੀ ਸਰੋਤਿਆਂ ਨੇ ਮੈਨੂੰ ਭਰਭੂਰ ਪਿਆਰ ਬਖਸ਼ਿਆ ਹੈ, ਜਿਸਦੀ ਬਦੌਲਤ ਮੇਰੇ ਹੌਂਸਲੇ ਅਤੇ ਉਮੀਦਾਂ ਪਹਿਲਾਂ ਨਾਲੋਂ ਵੀ ਵੱਧ ਉਜਾਗਰ ਹੋਈਆਂ ਹਨ। ਸਰੋਤਿਆਂ ਦੀ ਬਦੌਲਤ ਹੀ ਮੇਰੀ ਹੈਸੀਅਤ ਬਰਕਰਾਰ ਹੈ, ਵਰਨਾਂ ਸਰੋਤਿਆਂ ਦੇ ਪਿਆਰ ਤੋਂ ਬਿਨਾਂ ਕੋਈ ਵੀ ਗਾਏਕਾਰ ਕਾਮਯਾਬੀ ਦੀਆਂ ਦਹਿਲੀਜਾਂ ਨਹੀਂ ਟੱਪ ਸਕਦਾ।
ਬਿੱਲਕੁੱਲ ਸਹੀ ਕਿਹਾ ਤੁਸੀਂ ਲਹਿੰਬਰ ਹੁਸੈਨਪੁਰੀ ਜੀ, ਜਿਹੜਾ ਗਾਏਕਾਰ ਜਮੀਨੀ ਹਕੀਕਤ ਨਾਲ ਜੁੜਿਆ ਰਹੇ ਅਤੇ ਸਰੋਤਿਆਂ ਦੇ ਪਿਆਰ ਦਾ ਜਵਾਬ ਪਿਆਰ ਅਤੇ ਹਲੀਮੀਂ ਨਾਲ ਦੇਵੇ ਤਾਂ ਵਧਦੀ ਹੋਈ ਲੋਕਪ੍ਰਿਯਤਾ ਨੂੰ ਕੋਈ ਨਹੀਂ ਰੋਕ ਸਕਦਾ, ਇਸ ਬਾਰੇ ਤੁਹਾਡਾ ਕੀ ਖਿਆਲ ਹੈ?
ਹਾਂ ਜੀ ਭੱਟੀ ਸਾਹਿਬ ਜਦੋਂ ਚੜਾਈ ਹੋਵੇ ਤਾਂ ਗਰੂਰ ਨਹੀਂ ਹੋਣਾ ਚਾਹੀਦਾ ਅਤੇ ਜਦੋਂ ਮਾਰਕੀਟ ਵਿੱਚ ਤੁਹਾਡੀ ਪੁੱਛ ਪੜਤਾਲ ਘਟ ਜਾਵੇ ਤਾਂ ਮਿਹਨਤ ਕਰਨੀ ਚਾਹੀਦੀ ਹੈ, ਫਿਰ ਪ੍ਰਮਾਤਮਾਂ ਵੀ ਤੁਹਾਡਾ ਸਾਥ ਦਿੰਦਾ ਹੈ ਅਤੇ ਮੈਂ ਇਨਾਂ ਦੋਹਾਂ ਪੜਾਵਾਂ ਵਿੱਚ ਹੀ ਆਪਣੇ ਆਪ ਨੂੰ ਫਿੱਟ ਰੱਖਦਾ ਹਾਂ।
ਹੁਣ ਤੁਸੀਂ ਇਹ ਦੱਸੋ ਕਿ ਪੰਜਾਬੀ ਗਾਇਕੀ ਤੋਂ ਬਿਨਾਂ ਤੁਸੀਂ ਹੋਰ ਕਿਹੜੀ ਭਾਸ਼ਾ ਵਿੱਚ ਗਾਣੇ ਗਾਏ ਹਨ, ਜਾਂ ਕਿਸੇ ਹੋਰ ਜਬਾਨ ਵਾਲੀ ਕਿਸੇ ਫਿਲਮ ਵਿੱਚ ਕੰਮ ਕੀਤਾ ਹੋਵੇ?
ਜੀ ਬਿੱਲਕੁੱਲ ਮੈਂ ਪੰਜਾਬੀ ਖੇਤਰ ਤੋਂ ਬਾਹਰ ਜਾ ਕੇ ਤਿੰਨ ਚਾਰ ਹਿੰਦੀ ਫਿਲਮਾਂ ਵਿੱਚ ਕੰਮ ਵੀ ਕਰ ਚੁੱਕਾ ਹਾਂ, ਜਿਨਾਂ ਵਿੱਚੋਂ ਤੰਨੂੰ ਵੈਡਸ ਮੰਨੂੰ (ਹਿੰਦੀ ਫਿਲਮ) ਵਿੱਚ ਮੇਰੇ ਕਿਰਦਾਰ ਨੂੰ ਦੇਖ ਕੇ, ਪੰਜਾਬੀਆਂ ਦੇ ਨਾਲ ਨਾਲ, ਹਿੰਦੀ ਸਮਝਣ ਵਾਲੇ ਸਰੋਤਿਆਂ ਨੇ ਵੀ ਮੇਰੀ ਸਰਾਹਨਾਂ ਕੀਤੀ ਸੀ।
ਦੇਖੋ ਜੀ ਹੁਸੈਨਪੁਰੀ ਸਾਹਿਬ ਇਹ ਸਭ ਤੁਹਾਡੀ ਮਿਹਨਤ ਅਤੇ ਸ਼ਰਾਫਤ ਤੇ ਨਿਰਭਰ ਕਰਦਾ ਹੈ, ਤੁਹਾਡਾ ਸੁਭਾਅ ਹੀ ਮੈਨੂੰ ਇਹੋ ਜਿਹਾ ਨਜਰ ਆ ਰਿਹਾ ਹੈ ਕਿ ਤੁਸੀਂ ਕਿਸੇ ਨੂੰ ਨਰਾਜ ਕਰ ਹੀ ਨਹੀਂ ਸਕਦੇ, ਆਹ ਵੇਖੋ ਨਾਂ ਪਹਿਲੀ ਵਾਰੀ ਤੁਹਾਨੂੰ ਮਿਲੇ ਹਾਂ, ਮੈਂ ਤਾਂ ਤੁਹਾਡੀ ਸਾਦਗੀ ਅਤੇ ਬੋਲਣ ਵਾਲੇ ਲਹਿਜੇ ਤੋਂ ਇਤਨਾਂ ਪ੍ਰਭਾਵਿਤ ਹੋਇਆ ਹਾਂ ਕਿ ਮੈਂ ਦੱਸ ਨਹੀਂ ਸਕਦਾ।
ਜੀ ਇਹ ਤਾਂ ਤੁਹਾਡੀ ਵੀ ਸਾਦਗੀ ਅਤੇ ਵਡੱਪਣ ਹੈ ਕਿ ਤੁਸੀਂ ਫਰਾਂਸ ਵਾਲੇ, ਸਣੇ ਕੁਲਵਿੰਦਰ ਸਿੰਘ ਉਰਫ ਸੋਨੂੰ ਜਿਸਦੇ ਘਰ ਆ ਕੇ ਮੈਨੂੰ ਮਹੱਲਾਂ ਤੋਂ ਵੀ ਜਿਆਦਾ ਮਜਾ ਆਇਆ ਹੈ, ਤਿੰਨ ਦਿਨ ਰਹਿ ਕੇ, ਬਿੱਲਕੁੱਲ ਆਪਣਾਪਨ, ਨਾਂ ਕੋਈ ਵਖਰੇਵਾਂ, ਪਿਆਰ ਮਿਲੇ ਤਾਂ ਇਸ ਤਰਾਂ ਦਾ ਜਿਸ ਤਰਾਂ ਦਾ ਮੈਨੂੰ ਤੁਹਾਡੇ ਸਾਰਿਆਂ ਦੇ ਵਿੱਚ ਆ ਕੇ ਮਿਲਿਆ ਹੈ, ਬਾਕੀ ਭੱਟੀ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ ਹੋਰ ਵੀ ਜਿਆਦਾ ਮਾਣ ਮਹਿਸੂਸ ਹੋ ਰਿਹਾ ਹੈ, ਦੂਸਰਾ ਤੁਸੀਂ ਮੇਰੀ ਕਦਰ ਮੇਰੇ ਰੁਤਬੇ ਤੋਂ ਵੀ ਉਪਰ ਵਾਲੇ ਲੇਵਲ ਵਿੱਚ ਕਰ ਰਹੇ ਹੋ, ਜਿਸਦੇ ਮੈਂ ਆਪਣੇ ਆਪ ਨੂੰ ਕਾਬਿਲ ਨਹੀਂ ਸਾਂ ਸਮਝਦਾ।
ਚਲੋ ਇਹ ਹੀ ਤੁਹਾਡਾ ਵਡੱਪਣ ਹੈ, ਹੁਸੈਨਪੁਰੀ ਜੀ, ਵਰਨਾਂ ਅੱਜਕੱਲ ਤਾਂ ਲੋਕ ਖੁਸ਼ਾਮਦ ਕਰਨ ਵਾਲੇ ਨੂੰ ਹੀ ਆਪਣਾ ਸਮਝਦੇ ਹਨ।
ਪਰ ਮੇਰੇ ਖਿਆਲ ਇਹੋ ਜਿਹੇ ਨਹੀਂ ਹਨ।
ਧਰਮਾਂ ਦੇ ਆਪਸੀ ਝਗੜਿਆਂ ਬਾਰੇ ਤੁਸੀਂ ਕੀ ਸੋਚ ਹੈ, ਇਸ ਬਾਰੇ ਤੁਸੀਂ ਕੁਝ ਚੰਦ ਲਾਈਨਾਂ ਗਾਇਕੀ ਦੇ ਰੂਪ ਵਿੱਚ ਗਾਅ ਕੇ ਲੋਕਾਂ ਨੂੰ ਕੁਝ ਸੇਧ ਦੇਣੀ ਚਾਹੋਗੇ?
ਬਿੱਲਕੁੱਲ ਜੀ, ਇਸ ਬਾਰੇ ਮੇਰੀ ਸੋਚ ਸਪਸ਼ਟ ਹੈ, ਮੈਂ ਪਹਿਲਾਂ ਹੀ ਧਰਮਾਂ ਅਤੇ ਜਾਤਾਂ ਪਾਤਾਂ ਵਾਲੇ ਮਸਲਿਆਂ ਤੋਂ ਦੁਖੀ ਹੋਇਆ ਪਿਆ ਹਾਂ, ਗੁਰਬਾਣੀ ਦਾ ਕਥਨ ਹੈ ਕਿ ਏਕ ਨੂ੍ਰਰ ਤੇ ਸਭਿ ਜੱਗਿ ਉਪਜਿਆ ਕੌਣ ਭਲੇ ਕੌਣ ਮੰਦੇ ਅਨੁਸਾਰ ਨਾਂ ਕੋਈ ਉਚਾ ਹੈ ਅਤੇ ਨਾਂ ਕੋਈ ਨੀਵਾਂ, ਮਾਣਸਿ ਕੀ ਜਾਤਿ ਸਭਹਿ ਏਕੁ ਹੀ ਪਹਿਚਾਣਬੋ। ਇਹ ਸਾਰੇ ਧਰਮਾਂ ਦੇ ਵਹਿਮ ਸਾਡੇ ਆਪਣੇ ਹੀ ਬਣਾਏ ਹੋਏ ਹਨ, ਨਾਂ ਕਿ ਉਪਰ ਵਾਲੇ ਨੇ ਸਾਡੇ ਵਿੱਚ ਕੋਈ ਫਰਕ ਰੱਖਿਆ ਹੈ। ਕਿਤੇ ਸੜਦੀਆਂ ਰੇਲਾਂ, ਕਿਤੇ ਸੜਦੀਆਂ ਬੱਸਾਂ, ਜਹਿਰੀਲਾ ਧੂੰਆਂ, ਮੈਂ ਕੀ ਕੀ ਦੱਸਾਂ।
ਗਾਉਣ ਵਾਲੇ ਪਾਸੇ ਆਉਣ ਦੀ ਤੁਹਾਨੂੰ ਪ੍ਰੇਰਨਾ ਕਿੱਥੋਂ ਮਿਲੀ?
ਇਸ ਪਾਸੇ ਮੈਨੂੰ ਪ੍ਰੇਰਨਾ ਮੇਰੇ ਘਰ ਦਿਆਂ ਤੋਂ ਮਿਲੀ, ਜਿਨਾਂ ਦੇ ਸਹਿਯੋਗ ਅਤੇ ਮਿਲਵਰਤਨ ਸਦਕਾ ਮੈਂ ਅੱਜ ਇਸ ਮੁਕਾਮ ਤੇ ਪਹੁੰਚਿਆ ਹਾਂ।
ਆਪਣੇ ਸਰੋਤਿਆਂ ਵਾਸਤੇ ਤੁਸੀਂ ਆਪਣੀ ਆਉਣ ਵਾਲੀ ਫਿਲਮ ਜਾਂ ਆਉਣ ਵਾਲੇ ਗਾਣੇ ਦਾ ਨਾਮ ਦੱਸਣ ਦੀ ਖੇਚਲ ਕਰੋਗੇ ਲਹਿੰਬਰ ਸਾਹਿਬ ਜੀ?
ਮੇਰੀ ਆਉਣ ਵਾਲੀ ਫਿਲਮ ਹੈ ਯਮਲਾ, ਪਗਲਾ ਦਿਵਾਨਾ ਪਾਰਟ ਨੰਬਰ 3, ਜੋ ਕਿ ਧਰਮਿੰਦਰ ਸਾਹਿਤ ਉਸਦੇ ਦੋਹਾਂ ਲੜਕਿਆਂ ਦੇ ਨਾਲ ਮਿਲ ਕੇ ਬਣਾ ਰਹੇ ਹਾਂ ਅਤੇ ਇਸ ਵਿੱਚ ਮੇਰੇ ਰੋਲ ਨੂੰ ਦੇਖ ਕੇ ਮੈਨੂੰ ਉਮੀਦ ਹੈ ਕਿ ਮੇਰੇ ਸਰੋਤੇ ਮੇਰੇ ਰੋਲ ਨੂੰ ਪਹਿਲਾਂ ਨਾਲੋਂ ਵੀ ਜਿਆਦਾ ਪਸੰਦ ਕਰਨਗੇ। ਬਾਕੀ ਰਹੀ ਆਉਣ ਵਾਲੇ ਗਾਣੇ ਦੀ ਗੱਲ, ਇਸ ਬਾਰੇ ਮੈਂ ਕੁਝ ਲਾਈਨਾਂ ਅੱਜ ਦੀ ਇੰਟਰਵਿਊ ਨੂੰ ਅਰਪਨ ਕਰਨਾ ਚਾਹੁਂਦਾ ਹਾਂ।
ਜਰੂਰ ਲਹਿੰਬਰ ਸਾਹਿਬ ਜਰੂਰ, ਅਸੀਂ ਤਾਂ ਉਤਾਵਲੇ ਹਾਂ, ਤੁਹਾਡੇ ਮੁਖਾਰਬਿੰਦ’ਚੋਂ’ ਕੁਝ ਸੁਣਨ ਵਾਸਤ, ਕਿਉਂ ਕੁਲਵਿੰਦਰ ਜੀ? ਹਾਂ ਜੀ ਭਾਅ ਜੀ ਕਹੋ ਕੁਝ ਨਾ ਕੁਝ।
ਤੂੰ ਵੀ ਸਿੱਖ ਲੈ ਲਹਿੰਬਰਾ ਯਾਰਾ, ਮੇਲੇ ਲੱਗਦੇ ਰਹਿਣ, ਯਾਰਾਂ ਦੋਸਤਾਂ ਦੇ।
ਲੱਠੇ ਦੀ ਚਾਦਰ ਉੱਤੇ ਸੋਹਣੇ ਫੁੱਲ ਸੱਜਣੋਂ, ਸਾਂਭ ਕੇ ਰੱਖੋ ਯਾਰਾਂ ਦੋਸਤਾਂ ਨੂੰ, ਨਹੀਂ ਮਿਲਦੇ ਇਹ ਮੁੱਲ ਸੱਜਣੋਂ।
ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਸਵਾਲ ਜਵਾਬ ਕਰਕੇ, ਦੂਜਾ ਤੁਸੀਂ ਸਾਡੇ ਅਦਾਰੇ ਪੰ.ਐ.ਨਿਊਜ (ਜਲੰਧਰ) ਨੂੰ ਵੀ ਮੌਕਾ ਦਿੱਤਾ ਹੈ ਕਿ ਅਸੀਂ ਤੁਹਾਡੀਆਂ ਗੱਲਾਂ, ਜਿਹੜੀਆਂ ਤੁਸੀਂ ਆਪਣੀ ਜਬਾਨੀ ਖੁੱਦ ਕਹੀਆਂ ਹਨ, ਉਨਾਂ ਨੂੰ ਛਾਪ ਸਕੀਏ।
ਮੈਂ ਵੀ ਤੁਹਾਡੇ ਨਾਲ ਗੁਜਾਰੇ ਸਾਂਝੇ ਪਲਾਂ ਨੂੰ ਸਦਾ ਯਾਦ ਰੱਖਾਂਗਾ, ਉਮੀਦ ਹੈ ਕਿ ਮੇਰੀਆਂ ਕਹੀਆਂ ਗੱਲਾਂ ਨੂੰ ਤੁਸੀਂ ਹੂ-ਬ-ਹੂ ਛਾਪੋਗੇ, ਨਾਂ ਕਿ ਆਮ ਪੱਤਰਕਾਰਾਂ ਦੀ ਤਰਾਂ ਤੋੜ ਮਰੋੜ ਕੇ ਪੇਸ਼ ਕਰੋਗੇ।
ਇਹ ਤਾਂ ਮੇਰੀ ਰਿਪੋਰਟ ਪੜ ਕੇ ਹੀ ਅੰਦਾਜਾ ਲਗਾਉਗੇ, ਲਹਿੰਬਰ ਸਾਹਿਬ ਜੀ, ਹਾਂ ਪੜ ਕੇ ਮੇਰੇ ਨਾਲ ਜਾਂ ਸਾਡੀ ਅਖਬਾਰ ਪੰਜਾਬ ਐਕਸਪਰੈਸ ਨਿਊਜ ਦੇ ਮੈਨੇਜਿੰਗ ਡਾਇਰੈਕਟਰ ਮਿਸਟਰ ਜਸਪਾਲ ਕੈਂਥ ਨਾਲ ਕੁੰਟੈਕਟ ਜਰੂਰ ਕਰਨਾਂ।
ਉ. ਕੇ ਭੱਟੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ