ਯੂਰਪ ਵੱਸਦੇ, ਬਾਦਲ ਦਲ ਦੇ ਹਮਾਇਤੀਆਂ ਵੱਲੋਂ, ਸਰਦਾਰ ਬਾਦਲ ਨੂੰ ਉਪ ਰਾਸ਼ਟਰਪਤੀ ਬਣਾਉਣ ਦੀ ਮੰਗ ਜੋਰਾਂ ਤੇ

ਪੈਰਿਸ 27 ਜੂਨ (ਪੰ. ਐ ਨਿਉਜ) - ਪੈਰਿਸ ਤੋਂ ਸਾਡੇ ਪੱਤਰਪ੍ਰੇਰਕ ਇਕਬਾਲ ਸਿੰਘ ਭੱਟੀ ਦੁਆਰਾ ਯੂਰਪ ਭਰ ਵਿੱਚੋਂ ਟੈਲੀਫੋਨਾਂ ਰਾਹੀਂ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਕਰਮਵਾਰ, ਇਟਲੀ, ਸਪੇਨ, ਯੂ ਕੇ ਅਤੇ ਫਰਾਂਸ ਵਿਚਲੇ ਐਨ ਆਰ ਆਈਜ ਵਿੰਗਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਾਂਝੇ ਤੌਰ ਉਪਰ, ਭਾਰਤ ਵਿੱਚ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਦੇ ਮੌਕੇ, ਜਿੱਥੇ ਸ਼੍ਰੀ ਰਾਮਨਾਥ ਕੋਵਿੰਦ ਨੂੰ, ਐਨ ਡੀ ਏ ਦਾ ਰਾਸ਼ਟਰਪਤੀ ਪਦ ਦਾ ਉਮੀਦਵਾਰ ਬਣਾਏ ਜਾਣ ਦੀ ਸ਼ਲਾਘਾ ਕੀਤੀ ਹੈ, ਉਥੇ ਹੀ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕੋਲੋਂ, ਪੰਜਾਬ ਸਮੇਤ ਪੂਰੇ ਭਾਰਤ ਦੀ ਜਾਣੀ ਮਾਣੀ ਰਾਜਨੀਤਿਕ ਸ਼ਖਸ਼ੀਅਤ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਭਾਰਤ ਦਾ ਅਗਲਾ ਉਪ ਰਾਸ਼ਟਰਪਤੀ ਉਮੀਦਵਾਰ ਐਲਾਨਣ ਦੀ ਅਪੀਲ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ, ਇਟਲੀ ਯੂਨਿਟ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ, ਜਨਰਲ ਸਕੱਤਰ ਸਰਦਾਰ ਲਖਵਿੰਦਰ ਸਿੰਘ ਜਨਰਲ ਸੈਕਟਰੀ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ, ਜਗਜੀਤ ਸਿੰਘ ਸੈਕਟਰੀ ਸਪੇਨ ਯੂਨਿਟ ਦੇ ਲਾਭ ਸਿੰਘ ਭੰਗੂ, ਯੂਕੇ ਤੋਂ ਸਰਦਾਰ ਰਾਮੇਵਾਲ ਸਾਹਿਬ ਅਤੇ ਫਰਾਂਸ ਤੋਂ ਬਾਦਲ ਦਲ ਫਰਾਂਸ ਯੂਨਿਟ ਦੇ ਪ੍ਰਧਾਨ ਸਰਦਾਰ ਜਸਵੰਤ ਸਿੰਘ ਭਦਾਸ, ਯੂਥ ਵਿੰਗ ਦੇ ਪ੍ਰਧਾਨ ਸੁਰਜੀਤ ਸਿੰਘ ਮਾਣਾ ਆਦਿਕ ਨੇ ਸਾਂਝੇ ਤੌਰ ਤੇ ਕਿਹਾ ਕਿ, ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੇ ਸ਼ਖਸ਼ ਨੂੰ, ਭਾਰਤ ਦੇ ਸਭ ਤੋਂ ਉਚੇ ਸੰਵਿਧਾਨਿਕ ਅਹੁਦੇ ਦਾ ਮਾਣ ਦੇਣਾ ਹੀ ਨਰਿੰਦਰ ਮੋਦੀ ਦੀ ਸਭ ਧਰਮਾਂ ਪ੍ਰਤੀ ਉਚੀ ਸੋਚ ਨੂੰ ਦਰਸਾਉਂਦੀ ਪਹਿਲ ਕਦਮੀ ਹੈ। ਸੋ ਇਸੇ ਤਰਾਂ ਹੀ ਘੱਟ ਗਿਣਤੀ ਨਾਲ ਸਬੰਧ ਰੱਖਦੇ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਉਪ ਰਾਸ਼ਟਰਪਤੀ ਦਾ ਉਮੀਦਵਾਰ ਐਲਾਨਿਆ ਜਾਵੇ।
ਪਿਛਲੇ ਸਮੇਂ, ਮੋਦੀ ਦੀ ਫਰਾਂਸ ਫੇਰੀ ਦੀ ਆਮਦ ਮੌਕੇ ਵੀ, ਦਸਤਾਰ ਐਕਸ਼ਨ ਕਮੇਟੀ ਦੇ ਜਨਰਲ ਸਕੱਤਰ ਇਕਬਾਲ ਸਿੰਘ ਭੱਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਫਰਾਂਸ ਯੂਨਿਟ ਦੇ ਜਸਵੰਤ ਸਿੰਘ ਭਦਾਸ, ਯੂਥ ਵਿੰਗ ਦੇ ਪ੍ਰਧਾਨ ਸੁਰਜੀਤ ਸਿੰਘ ਕਰਨੈਲਗੰਜੀਏ, ਮੋਹਿੰਦਰ ਸਿੰਘ ਡਰਾਂਸੀ, ਕੇਵਲ ਸਿੰਘ ਜੱਬੋ, ਨਵੀ ਜਲਾਲਪੁਰ ਅਤੇ ਹਰਿੰਦਰਪਾਲ ਸਿੰਘ ਸੇਠੀ ਆਦਿ ਵੱਲੋਂ ਵੀ ਅਜਿਹਾ ਹੀ, ਤਿੰਨ ਮੰਗਾਂ ਵਾਲਾ ਇੱਕ ਮੰਗ ਪੱਤਰ, ਭਾਰਤੀ ਅੰਬੈਸੀ ਦੇ ਅਧਿਕਾਰੀ, ਮਿਟਰ ਚੌਹਾਨ ਦੇ ਰਾਹੀਂ ਮੋਦੀ ਨੂੰ ਦਿੱਤਾ ਗਿਆ ਸੀ। ਜਿਸ ਵਿੱਚ ਮੈਮੋਰੰਡਮ ਵਿੱਚ ਵਰਤੀ ਗਈ ਸ਼ੈਲੀ ਅਨੁਸਾਰ, ਭੱਟੀ ਵੱਲੋਂ, ਮੋਦੀ ਜੀ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਫਰਾਂਸ ਦੇ ਰਾਸ਼ਟਰਪਤੀ ਨਾਲ ਦਸਤਾਰ ਸਮੱਸਿਆ ਦੇ ਹੱਲ ਬਾਰੇ ਗੱਲਬਾਤ ਕਰਕੇ ਜਾਣ, ਦੂਜਾ ਭਾਰਤੀਆਂ ਦੇ ਅਡਲਟ ਅਤੇ ਛੋਟੇ ਬੱਚਿਆਂ ਨੂੰ ਪਾਸਪੋਰਟ ਸਬੰਧੀ ਆ ਰਹੀਆਂ ਮੁਸ਼ਕਿਲਾਂ ਬਾਰੇ ਅੰਬੈਸੀ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਕੇ ਜਾਣ, ਤੀਜੀ ਮੰਗ ਸ਼੍ਰੋਮਣੀ ਅਕਾਲੀ ਦਲ ਬਾਦਲ ਫਰਾਂਸ ਦੇ ਦੋਹਾਂ ਯੂਨਿਟਾਂ ਵੱਲੋਂ ਇਹ ਕੀਤੀ ਗਈ ਸੀ ਕਿ ਸਿਆਸਤ ਦੇ ਬਾਬਾ ਬੋਹੜ ਅਤੇ ਘੱਟ ਗਿਣਤੀ (ਸਿੱਖ) ਕੌਮ ਨਾਲ ਸਬੰਧ ਰੱਖਦੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਉਪ ਰਾਸ਼ਟਰਪਤੀ ਬਣਾਉਣ ਦੀ ਮੰਗ ਕੀਤੀ ਸੀ।