*ਬੱਸ-ਕਾਰ ਦੀ ਸਿੱਧੀ ਟੱਕਰ ‘ਚ ਬੱਚੇ ਸਮੇਤ ਚਾਰ ਦੀ ਮੌਤ, ਕਾਰ ਦੇ ਪਰਖਚੇ ਉੱਡੇ*

ਤਲਵਾਡ਼ਾ,22 ਜਨਵਰੀ (ਦੀਪਕ ਠਾਕੁਰ) -ਇੱਥੇ ਤਲਵਾਡ਼ਾ -ਮੁਕੇਰੀਆਂ ਮੁੱਖ ਸਡ਼ਕ ਮਾਰਗ ’ਤੇ ਪੈਂਦੇ ਅੱਡਾ ਬੈਰਿਅਰ ਦੇ ਨਜ਼ਦੀਕ ਬੱਸ-ਕਾਰ ਦੀ ਹੋਈ ਸਿੱਧੀ ਟੱਕਰ ‘ਚ ਬੱਚੇ ਸਮੇਤ ਚਾਰ ਵਿਅਕਤੀ ਹਲਾਕ ਹੋ ਗਏ। ਕੰਢੀ ਨਹਿਰ ਦੇ ਪੁੱਲ ਕੋਲ਼ ਵਾਪਰੇ ਭਿਆਨਕ ਹਾਦਸੇ ‘ਚ ਕਾਰ ਦੇ ਪਰਖਚੇ ਉੱਡ ਗਏ, ਪ੍ਰਤੱਖਦਰਸ਼ੀਆਂ ਅਨੁਸਾਰ ਘਟਨਾਂ ਓਵਰਟੇਕ ਕਾਰਨ ਵਾਪਰੀ ਹੈ। ਹਾਦਸੇ ਉਪਰੰਤ ਬਸ ਚਾਲਕ ਫਰਾਰ ਹੋਇਆ, ਪੁਲੀਸ ਨੇ ਮਾਮਲਾ ਦਰਜ ਕਰ ਕਾਰਵਾਈ ਆਰੰਭੀ।
ਪ੍ਰਾਪਤ ਜਾਣਕਾਰੀ ਅਨੁਸਾਰ ਸੱਤਾਧਾਰੀ ਧਿਰ ਦੇ ਜਲੰਧਰ ਤੋਂ ਵਿਧਾਇਕ ਦੀ ਮਾਲਕੀ ਵਾਲੀ ਨਿੱਜੀ ਕੰਪਨੀ ਦੀ ਬਸ ਨੰਬਰ ਪੀ.ਬੀ.08-ਬੀ.ਐਨ-9251 ਬਸ ਅੱਡੇ ਤਲਵਾਡ਼ਾ ਤੋਂ ਜਲੰਧਰ ਲਈ ਰਵਾਨਾ ਹੋਈ। ਜਿਸਦੀ ਅੱਡਾ ਬੈਰਿਅਰ ਤੋਂ ਕੁੱਝ ਕਦਮਾਂ ਦੀ ਦੂਰੀ ’ਤੇ ਕੰਢੀ ਨਹਿਰ ਦਾ ਪੁੱਲ ਪਾਰ ਕਰਦਿਆਂ ਸਾਰ ਹੀ ਸਾਹਮਣਿਓਂ ਆਉਂਦੀ ਮਾਰੂਤੀ ਜ਼ੈਨ ਕਾਰ ਨੰਬਰ ਐਚ.ਪੀ.ਏ.-8473 ਨਾਲ ਸਿੱਧੀ ਟੱਕਰ ਹੋ ਗਈ। ਹਾਦਸੇ ‘ਚ ਕਾਰ ਸਵਾਰ ਸਾਢੇ ਤਿੰਨ ਸਾਲਾ ਬੱਚੇ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਾਰ ਚਾਲਕ ਸਰਬਜੀਤ ਸਿੰਘ (23) ਪੁੱਤਰ ਪ੍ਰੀਤਮ ਸਿੰਘ, ਸੁਸ਼ੀਲ ਕੁਮਾਰ (20) ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਰੌਲ਼ੀ ਥਾਣਾ ਹਾਜੀਪੁਰ ਤੇ ਕਾਰ ਚਾਲਕ ਦਾ ਭਾਣਜਾ ਆਰੀਅਨ (3.5) ਪੁੱਤਰ ਰਮੇਸ਼ ਲਾਲ ਵਾਸੀ ਪਿੰਡ ਬਾਗਡ਼ੀਆਂ ਜ਼ਿਲ੍ਹਾ ਗੁਰਦਾਸਪੁਰ ਅਤੇ ਕੁਲਦੀਪ ਸਿੰਘ 19 ਪੁੱਤਰ ਰਘੁਵੀਰ ਸਿੰਘ ਵਾਸੀ ਸਰਾਭਾ ਨਗਰ, ਜਲੰਧਰ ਵਜੋਂ ਹੋਈ ਹੈ। ਹਾਦਸੇ ਉਪਰੰਤ ਬਸ ਚਾਲਕ ਫਰਾਰ ਹੋ ਗਿਆ ਹੈ। ਘਟਨਾਂ ਦੀ ਜਾਣਕਾਰੀ ਮਿਲਣ ਉਪਰੰਤ ਥਾਣਾ ਮੁਖੀ ਅਜਮੇਰ ਸਿੰਘ ਦੀ ਅਗਵਾਈ ਹੇਠ ਮੌਕੇ ’ਤੇ ਪਹੁੰਚੀ ਤਲਵਾਡ਼ਾ ਪੁਲੀਸ ਨੇ ਰਾਹਤ ਤੇ ਬਚਾਅ ਕਾਰਜ਼ ਆਰੰਭ ਦਿੱਤੇ। ਥਾਣਾ ਮੁਖੀ ਨੇ ਹਾਦਸੇ ਦਾ ਕਾਰਨ ਓਵਰਟੇਕ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ‘ਚ ਕਾਰ ਸਵਾਰ ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਜਦਕਿ ਦੋ ਦੀ ਬੀਬੀਐਮਬੀ ਹਸਪਤਾਲ ਤਲਵਾਡ਼ਾ ਵਿਖੇ ਮੌਤ ਹੋਈ। ਪੁਲੀਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।