ਸਰਕਾਰੀ ਥਰਮਲ ਪਲਾਂਟ ਬੰਦ ਕਰਨ ਦੇ ਵਿਰੋਧ ‘ਚ ਅਰਥੀ ਫੂਕ ਰੋਸ ਪ੍ਰਦਰਸ਼ਨ

ਹਾਜੀਪੁਰ,29 ਦਸੰਬਰ (ਪੰਜਾਬ ਐਕਸਪ੍ਰੈਸ ਨਿਊਜ਼)-ਜਨਤਕ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਸਰਕਾਰੀ ਥਰਮਲ ਪਲਾਂਟ ਬੰਦ ਕਰਨ ਦੇ ਫੈਸਲੇ ਵਿਰੁੱਧ ਪੰਜਾਬ ਸਰਕਾਰ ਦਾ ਅਰਥੀ ਫੂਕ ਰੋਸ ਮੁਜ਼ਾਹਰਾ ਕੀਤਾ ਗਿਆ।
ਕਸਬਾ ਹਾਜੀਪੁਰ ਦੇ ਬੁਢਾਵੜ ਚੌਂਕ ਵਿਖੇ ਇਕੱਤਰ ਵੱਖ-ਵੱਖ ਜੱਥੇਬੰਦੀਆਂ ਦੇ ਨੁੰਮਾਇੰਦਿਆਂ ਨੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕੀਤੀ। ਇਸ ਮੌਕੇ ‘ਤੇ ਪੈਨਸ਼ਨਰਜ਼ ਆਗੂ ਗਿਆਨ ਸਿੰਘ ਗੁਪਤਾ, ਫੀਲਡ ਐਂਡ ਵਰਕਸ਼ਾਪ ਦੇ ਆਗੂ ਸੂਬਾ ਸਿੰਘ, ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਆਗੂ ਪੁਸ਼ਪਾ ਦੇਵੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਧਰਮਿੰਦਰ ਸਿੰਘ, ਆਰ.ਐਮ.ਪੀ.ਆਈ.ਦੇ ਤਹਿਸੀਲ ਸਕੱਤਰ ਸਾਥੀ ਸ਼ਿਵ ਕੁਮਾਰ,ਸੀ.ਪੀ.ਆਈ.ਐਮ.ਐਲ. ਆਗੂ ਕਾ.ਸ਼ਾਮ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਮੌਜ਼ੂਦਾ ਕਾਂਗਰਸ ਸਰਕਾਰ ‘ਤੇ ਚੋਣਾਂ ਮੌਕੇ ਲੋਕਾਂ ਨਾਲ ਕੀਤੇ ਲੁਭਾਵਣੇ ਵਾਅਦਿਆਂ ਤੋਂ ਮੁਨਰਕ ਹੋਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ, ਕੱਚੇ ਕਾਮਿਆਂ ਨੂੰ ਪੱਕਾ ਕਰਨ, ਸਮਾਜਿਕ ਸਰੁੱਖਿਆ ਸਮੇਤ ਲੀਹੋਂ ਲੱਥੇ ਸਰਕਾਰੀ ਵਿਦਿਅਕ ਅਤੇ ਸਿਹਤ ਢਾਂਚੇ ਨੂੰ ਉਪੱਰ ਚੁੱਕਣ ਦੀ ਬਜਾਇ ਕੈਪਟਨ ਸਰਕਾਰ ਲੋਕਾਂ ਤੋਂ ਰੁਜ਼ਗਾਰ ਖੋਹਣ ਦੇ ਰਾਹ ਪੈ ਗਈ ਹੈ। ਨਿੱਜੀ ਖ਼ੇਤਰ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਲੋਕਾਂ ਨੂੰ ਮਹਿੰਗੇ ਭਾਅ ਬਿਜਲੀ ਖਰੀਦਣ ਲਈ ਮਜ਼ਬੂਰ ਕਰ ਰਹੀ ਹੈ। ਉੱਥੇ ਹੀ ਸਰਕਾਰ ਦਾ ਇਹ ਕਦਮ ਖੁਦਕੁਸ਼ੀਆਂ ਦੇ ਰਾਹ ਪਈ ਕਿਸਾਨੀ, ਖੇਤ ਮਜ਼ਦੂਰਾਂ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਲੋਕਾਂ ਲਈ ਮਾਰੂ ਸਿੱਧ ਹੋਵੇਗਾ। ਬੁਲਾਰਿਆਂ ਨੇ ਸਰਕਾਰ ਤੋਂ ਪਹਿਲੀ ਜਨਵਰੀ 2018 ਤੋਂ ਬਠਿੰਡਾ ਅਤੇ ਰੋਪੜ ਦੇ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰਨ ਦੇ ਕੀਤੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ। ਇਸ ਉਪਰੰਤ ਹਾਜ਼ਰੀਨ ਨੇ ਫੈਸਲੇ ਦੇ ਵਿਰੋਧ ‘ਚ ਬੁਢਾਵੜ ਚੌਂਕ ‘ਤੇ ਪੰਜਾਬ ਸਰਕਾਰ ਦੇ ਪੁੱਤਲੇ ਨੂੰ ਅਗਨ ਭੇਂਟ ਕਰ ਨਾਅਰੇਬਾਜੀ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ‘ਤੇ ਬਲਵੰਤ ਸਿੰਘ ਨਾਰੰਗਪੁਰ, ਜਸਕਰਨ ਸਿੰਘ, ਗੁਲਸ਼ਨ ਸਿੰਘ, ਕੁੰਦਨ ਸਿੰਘ, ਯੁਗਰਾਜ ਸਿੰਘ, ਗੁਰਜੀਤ ਸਿੰਘ, ਜਰਨੈਲ ਸਿੰਘ ਸੈਦੋਂ-ਨੌਸ਼ਹਿਰਾ, ਕਾ.ਖੁਸ਼ੀ ਰਾਮ, ਬਲਦੇਵ ਸਿੰਘ ਆਦਿ ਹਾਜ਼ਰ ਸਨ।